ਸਾਖੀ – ਗੁਰੂ ਗੋਬਿੰਦ ਸਿੰਘ ਜੀ ਅਤੇ ਕਾਜ਼ੀ ਸਲਾਰਦੀਨ


ਸਾਖੀ – ਗੁਰੂ ਗੋਬਿੰਦ ਸਿੰਘ ਜੀ ਅਤੇ ਕਾਜ਼ੀ ਸਲਾਰਦੀਨ
ਸ੍ਰੀ ਅਨੰਦਪੁਰ ਸਾਹਿਬ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਰਨ ਵਿਚ ਇਕ ਸਲਾਰਦੀਨ ਨਾਮ ਦਾ ਕਾਜ਼ੀ ਗੁਰਦੇਵ ਦੇ ਦਰਸ਼ਨ ਲਈ ਆਇਆ।
ਉਸਨੇ ਵੇਖਿਆ ਕਿ ਸਭ ਦੇਸ਼ਾਂ-ਪ੍ਰਦੇਸ਼ਾਂ ਦੀਆਂ ਸੰਗਤਾਂ ਆ ਕੇ ਭੇਟਾਵਾਂ ਅੱਗੇ ਧਰ ਕੇ ਸਤਿਗੁਰੂ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ‘ਤੇ ਨਮਸਕਾਰਾਂ ਕਰਦੀਆਂ ਹਨ ਅਤੇ ਸਤਿਗੁਰੂ ਜੀ ਸਭ ਦੀਆਂ ਮਨੋਂ-ਕਾਮਨਾਵਾਂ ਪੂਰਨ ਕਰਨ ਵਾਸਤੇ ਵਰ ਬਖ਼ਸ਼ਦੇ ਹਨ।
ਸਲਾਰਦੀਨ ਕਾਜ਼ੀ ਨੇ ਸ਼ੰਕਾ ਕਰਦਿਆਂ ਕਿਹਾ, ”ਇਤਨੀ ਸੰਗਤ ਤੁਹਾਡੇ ਕੋਲ ਆਉਂਦੀ ਹੈ, ਅਰਦਾਸ ਕਰਦੀ ਹੈ, ਬੇਨਤੀ ਕਰਦੀ ਹੈ। ਤੁਸੀਂ ਉਨ੍ਹਾਂ ਨੂੰ ਅਸੀਸ ਦੇ ਕੇ ਕੀ ਕਰ ਦੇਂਦੇ ਹੋ? ਮੈਂ ਇਸ ਗੱਲ ਦਾ ਮਨੋਰਥ ਨਹੀਂ ਸਮਝਿਆ ਕਿਉਂਕਿ ਖ਼ੁਦਾ ਨੇ ਜੋ ਕਰਮਾਂ ਵਿਚ ਲਿਖਣਾ ਹੈ, ਉਹ ਤਾਂ ਪਹਿਲਾਂ ਹੀ ਲਿਖ ਦਿੱਤਾ ਹੈ।” ਸਤਿਗੁਰੂ ਜੀ ਨੇ ਕਾਜ਼ੀ ਦੀ ਤਸੱਲੀ ਕਰਵਾਉਣ ਲਈ ਤੋਸ਼ੇਖ਼ਾਨੇ ਵਿੱਚੋਂ ਇਕ ਸਫ਼ੈਦ ਕਾਗਜ਼, ਮੋਹਰ ਅਤੇ ਸਿਆਹੀ ਮੰਗਵਾਈ ਤੇ ਕਾਜ਼ੀ ਨੂੰ ਕਿਹਾ, ”ਇਸ ਮੋਹਰ ਦੇ ਅੱਖਰ ਪੜ੍ਹੋ।” ਤਾਂ ਕਾਜ਼ੀ ਨੇ ਕਿਹਾ, ”ਜੀ ਪੁਠੇ ਹੋਣ ਕਰਕੇ ਪੜ੍ਹੇ ਨਹੀਂ ਜਾਂਦੇ।”
ਗੁਰੂ ਜੀ ਨੇ ਮੋਹਰ ਨਾਲ ਸਿਆਹੀ ਲਾ ਕੇ ਕਾਗਜ਼ ‘ਤੇ ਠੱਪਾ ਲਾਇਆ, ਤਾਂ ਕਾਜ਼ੀ ਨੇ ਝੱਟ ਪੜ੍ਹ ਦਿੱਤੇ : ”ਅਸੀਂ ਪ੍ਰਮੇਸ਼ਰ ਦੇ ਭਾਣੇ ਤੋਂ ਉਲਟ ਨਹੀਂ ਚਲਦੇ, ਇਹ ਗੁਰੂ ਨਾਨਕ ਦਾ ਘਰ ਹੈ ਜੋ ਆਪ ਨਿਰੰਕਾਰ ਦਾ ਰੂਪ ਧਾਰ ਕੇ ਜਗਤ ਨੂੰ ਤਾਰਨ ਵਾਸਤੇ ਜਗਤ ਵਿਚ ਆਏ। ਜਦ ਕੋਈ ਜੀਵ ਆਪਣੇ ਮੰਦ ਕਰਮਾਂ ਦੇ ਲਿਖੇ ਪੁੱਠੇ ਲੇਖ ਲੈ ਕੇ ਗੁਰੂ ਜੀ ਦੀ ਸ਼ਰਨ ਵਿਚ ਆਉਂਦਾ ਹੈ ਤਾਂ ਉਸਦੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। ਜੋ ਸ਼ਰਧਾ ਨਾਲ ਚਰਨਾਂ ‘ਤੇ ਮਥਾ ਰੱਖਦੇ ਹਨ, ਉਹਨਾਂ ਦੇ ਲੇਖ ਮੋਹਰ ਦੀ ਤਰ੍ਹਾਂ ਪੁੱਠਿਆਂ ਤੋਂ ਸਿੱਧੇ ਹੋ ਜਾਂਦੇ ਹਨ।
ਸਿੱਖਿਆ :- ਗੁਰੂ ਨਾਨਕ ਦਾ ਘਰ ਬਖਸ਼ੀਸ਼ਾਂ ਦੇਣ ਵਾਲਾ ਹੈ। ਇਥੇ ਕੋਈ ਪੁੱਠੇ ਲੇਖਾਂ ਵਾਲਾ ਭਾਵ ਮਾੜੇ ਕਰਮਾਂ ਵਾਲਾ ਵੀ ਅੰਦਰੋਂ ਢਹਿ ਕੇ ਸ਼ਰਧਾ ਨਾਲ ਸ਼ਰਨ ਵਿਚ ਆ ਜਾਵੇ ਤਾਂ ਉਸਦੇ ਵੀ ਪੁੱਠੇ ਲੇਖ ਵੀ ਇਥੇ ਸਿੱਧੇ ਹੋ ਜਾਂਦੇ ਹਨ।

Comments

Popular posts from this blog

ਸਾਖੀ : ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ

ਭਾਈ ਮਨੀ ਸਿੰਘ ਜੀ ਦੀ ਸ਼ਹੀਦੀ

भाई मनी सिंह जी की शहीदी